ਚੰਡੀਗੜ, 19 ਨਵੰਬਰ
ਉੱਘੇ ਸਿੱਖ ਕਿਸਾਨ ਨੇਤਾ ਕੌਮੀ ਡੈਲੀਗੇਟ ਅਤੇ ਸੂਬਾ ਪ੍ਰਧਾਨ ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਪ੍ਰਦੇਸ਼ ਰਾਜਿੰਦਰ ਸਿੰਘ ਬਡਹੇੜੀ ਨੇ ਤਿੰਨੇ ਵਿਵਾਦਗ੍ਰਸਤ ਖੇਤੀ ਕਾਨੂੰਨ ਵਾਪਸ ਲੈਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫ਼ੈਸਲੇ ਦਾ ਸੁਆਗਤ ਕੀਤਾ ਹੈ। ਅੱਜ ਇੱਥੇ ਪ੍ਰੈੱਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਕਿਸਾਨ ਅੰਦੋਲਨ ਕਾਰਣ ਕਿਸਾਨਾਂ ਦਾ ਜਿਹੜਾ ਵੀ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ, ਕੇਂਦਰ ਸਰਕਾਰ ਨੂੰ ਉਨ੍ਹਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ।
ਸ. ਬਡਹੇੜੀ ਨੇ ਤਿੰਨ ਖੇਤੀ ਕਾਨੂੰਨ ਵਾਪਸ ਲੈਣ ਨੂੰ ‘ਕਿਸਾਨਾਂ ਦੀ ਜਿੱਤ’ ਕਰਾਰ ਦਿੰਦਿਆਂ ਕਿਹਾ ਕਿ ਕਿਸਾਨਾਂ ਦੀਆਂ ਅਥਾਹ ਕੁਰਬਾਨੀਆਂ ਸਦਕਾ ਅੱਜ ਉਹ ਸਰਮਾਏਦਾਰ–ਪੱਖੀ ਕਾਨੂੰਨਾਂ ਤੋਂ ਆਜ਼ਾਦ ਹੋ ਗਏ ਹਨ।
ਕਿਸਾਨ ਨੇਤਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੇ ਪਵਿੱਤਰ ਮੌਕੇ ਕਿਸਾਨਾਂ ਦੇ ਹੱਕ ਵਿੱਚ ਫ਼ੈਸਲਾ ਲਿਆ ਹੈ, ਇਸ ਦਾ ਸੁਆਗਤ ਕਰਨਾ ਬਣਦਾ ਹੈ। ਪ੍ਰਧਾਨ ਮੰਤਰੀ ਦੀ ਜ਼ਮੀਰ ਦੀ ਆਵਾਜ਼ ਉੱਤੇ ਸਮੁੱਚੀ ਭਾਰਤੀ ਜਨਤਾ ਪਾਰਟੀ ਨੇ ਜੋ ਫ਼ੈਸਲਾ ਲਿਆ ਹੈ, ਉਹ ਪੂਰੀ ਤਰ੍ਹਾਂ ਲੋਕ–ਪੱਖੀ ਹੈ ਤੇ ਇਹ ਸਮੇਂ ਦੀ ਲੋੜ ਵੀ ਸੀ।
ਸ. ਬਡਹੇੜੀ ਨੇ ਕਿਹਾ ਕਿ ਕੇਂਦਰ ਦਾ ਇਹ ਫ਼ੈਸਲਾ ਕਿਸਾਨਾਂ ਤੇ ਮਜ਼ਦੂਰਾਂ ਲਈ ਇੱਕ ਵਧੀਆ ਫ਼ੈਸਲਾ ਹੈ।