‘ਇੱਕ ਪਤਿਤ ਰਵਨੀਤ ਬਿੱਟੂ ਪਵਿੱਤਰਤਾ ਦੀਆਂ ਗੱਲਾਂ ਕਰਦਾ ਸ਼ੋਭਦਾ ਨਹੀਂ, ਕਾਂਗਰਸ ਪਾਰਟੀ ਉਸ ਵਿਰੁੱਧ ਐਕਸ਼ਨ ਲਵੇ’
ਚੰਡੀਗੜ੍ਹ:
ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਅਤੇ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸਰਦਾਰ ਰਾਜਿੰਦਰ ਸਿੰਘ ਬਡਹੇੜੀ ਨੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ‘ਦਲਿਤ–ਵਿਰੋਧੀ’ ਬਿਆਨ ਦਾ ਸਖ਼ਤ ਤੇ ਗੰਭੀਰ ਨੋਟਿਸ ਲਿਆ ਹੈ। ਉਨ੍ਹਾਂ ਕਿਹਾ ਹੈ ਕਿ ਬਿੱਟੂ ਨੂੰ ਆਪਣੀ ਅਜਿਹੀ ਬਿਆਨਬਾਜ਼ੀ ਲਈ ਤੁਰੰਤ ਪੂਰੇ ਦਲਿਤ ਸਮਾਜ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਕਾਂਗਰਸ ਪਾਰਟੀ ਨੂੰ ਵੀ ਬਿੱਟੂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।
ਪ੍ਰੈੱਸ ਦੇ ਨਾਂਅ ਇੱਕ ਬਿਆਨ ਜਾਰੀ ਕਰਦਿਆਂ ਸਰਦਾਰ ਬਡਹੇੜੀ ਨੇ ਕਿਹਾ ਕਿ ਰਵਨੀਤ ਬਿੱਟੂ ਦਾ ਇਹ ਕਹਿਣਾ ਕਿ – ‘‘ਅਕਾਲੀ ਦਲ ਨੇ ਅਨੰਦਪੁਰ ਸਾਹਿਬ ਤੇ ਚਮਕੌਰ ਸਾਹਿਬ ਜਿਹੀਆਂ ਪਵਿੱਤਰ ਸੀਟਾਂ ਬਹੁਜਨ ਸਮਾਜ ਪਾਰਟੀ ਨੂੰ ਦੇ ਦਿੱਤੀਆਂ ਹਨ’ – ਬੇਹੱਦ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਬਿੱਟੂ ਤਾਂ ਖ਼ੁਦ ਅਨੰਦਪੁਰ ਸਾਹਿਬ ਤੋਂ ਐੱਮਪੀ ਰਹੇ ਹਨ। ਕਿਸਾਨ ਨੇਤਾ ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਬਿੱਟੂ ਤਾਂ ਆਪ ਵੀ ਪਵਿੱਤਰਤਾ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ। ‘ਉਨ੍ਹਾਂ ਤਾਂ ਆਪ ਵੀ ਦਾੜ੍ਹੀ–ਕੇਸ ਕੱਟੇ ਹੋਏ ਹਨ ਅਤੇ ਇੱਕ ਪਤਿਤ ਹਨ। ਫਿਰ ਵੀ ਅਨੰਦਪੁਰ ਸਾਹਿਬ ਦੇ ਹਲਕੇ ਦੀ ਜਨਤਾ ਨੇ ਉਨ੍ਹਾਂ ਨੂੰ ਜਿਤਾ ਦਿੱਤਾ ਸੀ। ਇੱਕ ਸਿੱਖ ਪਰਿਵਾਰ ’ਚ ਜਨਮ ਲੈ ਕੇ ਦਾੜ੍ਹੀ–ਕੇਸ ਕੱਟਣ ਵਾਲਾ ਵਿਅਕਤੀ ਸਿੱਖ ਦ੍ਰਿਸ਼ਟੀਕੋਣ ਤੋਂ ਪਵਿੱਤਰਤਾ ਦਾ ਸੰਦੇਸ਼ ਕਿਵੇਂ ਦੇ ਸਕਦਾ ਹੈ। ਉਸ ਦੇ ਮੂੰਹ ਤੋਂ ਅਜਿਹੀਆਂ ਗੱਲਾਂ ਸ਼ੋਭਦੀਆਂ ਨਹੀਂ।’
ਸਰਦਾਰ ਬਡਹੇੜੀ ਨੇ ਅੱਗੇ ਕਿਹਾ ਕਿ ਰਾਹੁਲ ਗਾਂਧੀ ਨੇ ਜਦੋਂ ਰਵਨੀਤ ਬਿੱਟੂ ਨੂੰ ਯੂਥ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ, ਤਦ ਰਾਹੁਲ ਗਾਂਧੀ ਦੇ ਕਹਿਣ ‘ਤੇ ਬਿੱਟੂ ਨੇ ਪਹਿਲੀ ਵਾਰ ਦਸਤਾਰ ਸਜਾਈ ਸੀ। ਫਿਰ ਅਜਿਹਾ ਵਿਅਕਤੀ ਕਿਵੇਂ ਅਜਿਹੀਆਂ ਜਾਤ–ਪਾਤ ਦੀਆਂ ਗੱਲਾਂ ਕਰ ਸਕਦਾ ਹੈ।
ਸਰਦਾਰ ਬਡਹੇੜੀ ਨੇ ਇਹ ਵੀ ਕਿਹਾ ਕਿ ਦਸਮ ਪਾਤਿਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ’ਚ ਵਿਸਾਖੀ ਦੇ ਦਿਹਾੜੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ, ਤਦ ਉਨ੍ਹਾਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਉਂਦੇ ਸਮੇਂ ਜਾਤ–ਪਾਤ ਦੀ ਧਾਰਨਾ ਨੂੰ ਹੀ ਮੁੱਢੋਂ ਖ਼ਤਮ ਕਰ ਦਿੱਤਾ ਸੀ। ਬਿੱਟੂ ਨੂੰ ਤਾਂ 2009 ’ਚ ਅਨੰਦਪੁਰ ਸਾਹਿਬ ਦਾ ਐੱਮਪੀ ਬਣਨ ਦੇ ਤੁਰੰਤ ਬਾਅਦ ਖ਼ੁਦ ਅੰਮ੍ਰਿਤ ਛਕ ਕੇ ਪੂਰਨ ਗੁਰਸਿੱਖ ਸਜ ਜਾਣਾ ਚਾਹੀਦਾ ਸੀ ਪਰ ਉਨ੍ਹਾਂ ਇੰਝ ਨਹੀਂ ਕੀਤਾ।
ਸਰਦਾਰ ਬਡਹੇੜੀ ਨੇ ਇਹ ਵੀ ਕਿਹਾ ਕਿ ਇਸ ਵੇਲੇ ਤਾਂ ਹਾਲਾਤ ਅਜਿਹੇ ਹੋ ਗਏ ਹਨ ਕਿ ਹੋਰ ਸਿੱਖ ਪਰਿਵਾਰਾਂ ਦੇ ਮੁਕਾਬਲੇ ਦਲਿਤ ਪਰਿਵਾਰਾਂ ਦੇ ਬੱਚੇ ਸਿੱਖ ਰਹਿਤ–ਮਰਿਆਦਾ ਦਾ ਪੂਰਾ ਖ਼ਿਆਲ ਰੱਖਦੇ ਹਨ ਤੇ ਸਾਬਤ–ਸੂਰਤ ਸਿੱਖ ਸਜਦੇ ਹਨ। ਉਹ ਹੋਰਨਾਂ ‘ਸਵਰਨ ਜਾਤੀਆਂ’ ਦੇ ਕੁਝ ਨੌਜਵਾਨਾਂ ਵਾਂਗ ਦਾੜ੍ਹੀ–ਕੇਸ ਕਤਲ ਨਹੀਂ ਕਰਵਾਉਦੇ।
ਸਰਦਾਰ ਬਡਹੇੜੀ ਨੇ ਇੱਕ ਦਲਿਤ ਜੋਧੇ ਭਾਈ ਜੈਤਾ ਜੀ ਦੀ ਮਿਸਾਲ ਦਿੱਤੀ, ਜੋ ਦਿੱਲੀ ਤੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸੀਸ ਲੈ ਕੇ ਆਏ ਸਨ। ਸ. ਬਡਹੇੜੀ ਨੇ ਰਵਨੀਤ ਸਿੰਘ ਬਿੱਟੂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਅਨੰਦਪੁਰ ਸਾਹਿਬ ਦਾ ਤੇ ਸਿੱਖੀ ਦੇ ਇਤਿਹਾਸ ਨੂੰ ਪਹਿਲਾਂ ਪੜ੍ਹਨਾ ਚਾਹੀਦਾ ਹੈ। ਉਨ੍ਹਾਂ ਨੂੰ ਚਮਕੌਰ ਸਾਹਿਬ ’ਚ ਭਾਈ ਸੰਗਤ ਸਿੰਘ ਦੀ ਸ਼ਹੀਦੀ ਨੂੰ ਵੀ ਚੇਤੇ ਕਰਨਾ ਚਾਹੀਦਾ ਹੈ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਕ ‘ਮਾਨਸ ਕੀ ਜਾਤ ਸਬੈ ਏਕੈ ਪਹਚਾਨਬੋ’ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਸਰਦਾਰ ਬਡਹੇੜੀ ਨੇ ਕਿਹਾ ਕਿ ਰਵਨੀਤ ਸਿੰਘ ਬਿੱਟੂ ਨੇ ਆਪਣੀਆਂ ਬਿਆਨਬਾਜ਼ੀਆਂ ਨਾਲ ਕਿਸਾਨ ਅੰਦੋਲਨ ਨੂੰ ਵੀ ਥਿੜਕਾਉਣ ਦੀ ਕੋਸ਼ਿਸ਼ ਕੀਤੀ ਸੀ। ਅਜਿਹੀਆਂ ਬਿਆਨਬਾਜ਼ੀਆਂ ਕਦੇ ਵੀ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ।
ਸ. ਬਡਹੇੜੀ ਨੇ ਇਹ ਵੀ ਕਿਹਾ – ‘ਮੈਂ ਜੱਟ ਮਹਾਂਸਭਾ ਦਾ ਲੀਡਰ ਜ਼ਰੂਰ ਹਾਂ ਪਰ ਮੈਂ ਕੋਈ ਜਾਤੀਗਤ ਭੇਦਭਾਵ ਨਹੀਂ ਕਰਦਾ। ਮੈਂ ਸਭ ਦਾ ਸਤਿਕਾਰ ਕਰਦਾ ਹਾਂ। ਮੈਂ ਕਦੇ ਊਚ–ਨੀਚ ਦਾ ਭੇਦਭਾਵ ਨਹੀਂ ਕਰਿਆ। ਹਰੇਕ ਸਿੱਖ ਪਵਿੱਤਰ ਹੈ, ਭਾਵੇਂ ਉਹ ਕਿਸੇ ਵੀ ਜਾਤ ਦਾ ਹੋਵੇ। ਸਮਾਜ ਵਿੱਚ ਅਰੰਭ ਤੋਂ ਹੀ ਜਾਤ–ਪਾਤ ਭਾਵੇਂ ਚੱਲੀ ਆ ਰਹੀ ਹੈ ਪਰ ਇੱਕ ਸੱਚਾ ਸਿੱਖ ਕਦੇ ਕਿਸੇ ਨਾਲ ਭੇਦ–ਭਾਵ ਨਹੀਂ ਕਰ ਸਕਦਾ।’