‘ਓਐੱਸਡੀ ਸਲਾਹਕਾਰ ਮਾਈਨਿੰਗ ਮਾਫ਼ੀਆ ਨਾਲ ਰਲੇ ਹੋਏ ਹਨ’
ਤੇਜ਼ ਗਿਆਨ ਚੰਡੀਗੜ੍ਹ:
ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਅਤੇ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸ. ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਸਲਾਹਕਾਰ ਹੀ ਡੋਬਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਅੱਜ ਮਾੜੇ ਸਲਾਹਕਾਰਾਂ ਤੇ ਰਿਟਾਇਰ ਅਫ਼ਸਰਾਂ ਦੀਆਂ ਨਿਯੁਕਤੀਆਂ ਕਰਕੇ ਨਮੋਸ਼ੀ ਝੱਲਣੀ ਪੈ ਰਹੀ ਹੈ।
ਅੱਜ ਇੱਥੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸ. ਬਡਹੇੜੀ ਨੇ ਕਿਹਾ ਕਿ 8 ਜੂਨ, 2006 ਨੂੰ ਸ਼ਾਮੀਂ ਚਾਰ ਵਜੇ ਪੰਜਾਬ ਦੇ ਉਸ ਵੇਲੇ ਦੇ ਰਾਜਪਾਲ ਐੱਸਐੱਫ਼ ਰੌਡਰਿਗਜ਼ ਨੇ ਸਰਦਾਰ ਰਵੀ ਇੰਦਰ ਸਿੰਘ ਦੀ ਹਾਜ਼ਰੀ ਵਿੱਚ ਉਸ ਵਕਤ ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਨੂੰ ਹਟਾਉਣ ਦੀ ਸਲਾਹ ਦਿੱਤੀ ਸੀ ਕਿ ਜੇਕਰ 2007 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤਣੀਆਂ ਹਨ ਤਾਂ ਭਰਤ ਨੂੰ ਹਟਾ ਦਿਓ ਪਰ ਕੈਪਟਨ ਨੇ ਮੰਨਿਆਂ ਨਹੀਂ ਸੀ। ਹੁਣ ਵੀ ਭਰਤ ਅਤੇ ਸੰਦੀਪ ਸੰਧੂ ਦੋ ਜਣੇ ਕਾਂਗਰਸ ਪਾਰਟੀ ਦਾ ਬੇੜਾ ਗਰਕ ਕਰ ਰਹੇ ਹਨ। ਕਾਂਗਰਸ ਦੀ ਕੈਪਟਨ ਸਰਕਾਰ 2017 ਵਿੱਚ ਬਣਨ ’ਚ ਜੱਟ ਮਹਾਂ ਸਭਾ ਦੀ ਅਹਿਮ ਭੂਮਿਕਾ ਸੀ। 8 ਜੂਨ, 2006 ਨੂੰ ਕੈਪਟਨ ਅਤੇ ਸਰਦਾਰ ਰਵੀ ਇੰਦਰ ਸਿੰਘ ਸਰਦਾਰ ਤੇਜਾ ਸਿੰਘ ਢਿੱਲੋਂ @ ਚਾਚੂ ਦੇ ਪੁੱਤਰ ਸੰਦੀਪ ਸਿੰਘ ਦਾ ਸਜ਼ਾ ਮੁਆਫ਼ੀ ਦਾ ਕੇਸ ਲੈ ਕੇ ਗਵਰਨਰ ਰੌਡਰਿਗਜ਼ ਨੂੰ ਮਿਲਣ ਰਾਜ ਭਵਨ ਗਏ ਸਨ।
ਸ. ਬਡਹੇੜੀ ਨੇ ਕਿਹਾ ਕਿ ਪਹਿਲਾਂ ਵੀ ਭਰਤ ਇੰਦਰ ਚਹਿਲ ਨੇ ਹੀ ਬਦਨਾਮੀ ਕਰਵਾਈ ਸੀ ਅਤੇ ਹੁਣ ਵੀ ਭਰਤ ਇੰਦਰ ਚਹਿਲ ਨੂੰ ਵਿਜੀਲੈਂਸ ਅਤੇ ਆਬਕਾਰੀ ਅਤੇ ਕਰ ਵਿਭਾਗ ਸੰਭਾਲ਼ਿਆ ਹੋਇਆ ਹੈ ਅਤੇ ਮਹਿਕਮੇ ਦੀ ਦੁਰਵਰਤੋਂ ਹੋ ਰਹੀ ਹੈ। ਹੁਣ ਇਹ ਵੀ ਰੌਲਾ ਹੈ ਕਿ ਕੈਪਟਨ ਅਤੇ ਬਾਦਲਾਂ ਦੇ ਸਮਝੌਤੇ ਵਿੱਚ ਅਰਵਿੰਦ ਖੰਨਾ ਅਤੇ ਭਰਤ ਚਹਿਲ ਨੇ ਵਿਚੋਲਗੀ ਨਿਭਾਈ ਸੀ ਜੋ 2012 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਹੋ ਚੁੱਕੀ ਸੀ।
ਸ. ਬਡਹੇੜੀ ਨੇ ਕੈਪਟਨ ਨੂੰ ਸੰਬੋਧਨ ਹੁੰਦਿਆਂ ਇਹ ਵੀ ਕਿਹਾ ਕਿ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਲ ਨਾਲ ਪੰਜਾਬ ਦੀ ਗਰੀਬ ਜਨਤਾ ਨੂੰ ਮਿਲਣਾ ਸ਼ੁਰੂ ਕਰੋ ਜੋ 16 ਮਾਰਚ 2017 ਤੋਂ ਤੁਹਾਨੂੰ ਮਿਲਣ ਲਈ ਸਮਾਂ ਮੰਗ ਰਹੇ ਹਨ। ਆਲ ਇੰਡੀਆ ਜੱਟ ਮਹਾਂ ਸਭਾ ਦੇ ਅਹੁਦੇਦਾਰ ਅਤੇ ਕਾਰਕੁੰਨ ਵੀ ਮਿਲਣ ਲਈ ਸਮਾਂ ਮੰਗ ਰਹੇ ਹਨ, ਜਿਨ੍ਹਾਂ ਨੇ ਤੁਹਾਨੂੰ ਜੂਨ 2013 ਵਿੱਚ ਸੰਨਿਆਸ ਵਿੱਚੋਂ ਕੱਢ ਕੇ ਪੰਜਾਬ ਵਿੱਚ ਵੜਨ ਜੋਗਾ ਕੀਤਾ ਸੀ। 30 ਸਤੰਬਰ 2015 ਤੋਂ ਬਾਅਦ ਤੁਸੀਂ ਸਭਾ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਹਾਜ਼ਰੀ ਨਹੀਂ ਭਰੀ। 26 ਨਵੰਬਰ 2015 ਨੂੰ ਜਦੋਂ ਤੁਸੀਂ ਜੱਟ ਮਹਾਂ ਸਭਾ ਦੀ ਹਮਾਇਤ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਹਾਸਲ ਕੀਤਾ ਸੀ, ਉਸ ਤੋਂ ਬਾਅਦ ਤੁਸੀਂ ਜੱਟ ਮਹਾਂ ਸਭਾ ਦਾ ਨਾਂਅ ਲੈਣਾ ਹੀ ਛੱਡ ਦਿੱਤਾ।
ਸ. ਬਡਹੇੜੀ ਨੇ ਇਹ ਵੀ ਕਿਹਾ ਕਿ ਅੰਕਿਤ ਬਂਸਲ ਉਦੋਂ ਬੱਚਾ ਸੀ ਉਸ ਨੂੰ ਇਹਨਾਂ ਗੱਲਾਂ ਦੀ ਕੋਈ ਜਾਣਕਾਰੀ ਨਹੀਂ ਹੈ। ਹੁਣ ਜਿਹੜੇ ਜੁਆਕ ਸਲਾਹਕਾਰ ਅਤੇ ਓਐੱਸਡੀ ਹਨ, ਉਨ੍ਹਾਂ ਨੂੰ ਰਾਜਨੀਤੀ ਦੀ ਕੋਈ ਖ਼ਾਸ ਸਮਝ ਹੀ ਨਹੀਂ ਹੈ। ਇਨ੍ਹਾਂ ਓਐੱਸਡੀ ਜੁਆਕਾਂ ਦਾ ਜਨਤਾ ‘ਖੋਖਿਆਂ ਵਾਲੇ ਦਲਾਲ’ ਕਹਿ ਕੇ ਮਜ਼ਾਕ ਉਡਾਉਂਦੀ ਹੈ, ਜੋ ਦੋ–ਤਿੰਨ ਵੱਡੇ ਸਲਾਹਕਾਰਾਂ ਦੇ ਚਾਪਲੂਸ ਹਨ ਅਤੇ ਜਿਨ੍ਹਾਂ ਦੀਆਂ ਗਲਤ ਸਲਾਹਾਂ ਅਤੇ ਗਲਤ ਕਾਰਵਾਈਆਂ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਲੀਲ ਹੋਣਾ ਪੈ ਰਿਹਾ ਹੈ।
ਕਿਸਾਨ ਆਗੂ ਬਡਹੇੜੀ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾਂ ਨਾਲ ਸਮਝੌਤਾ ਕਰਕੇ ਸਰਦਾਰ ਰਵੀ ਇੰਦਰ ਨਾਲ ਧੋਖਾ ਕੀਤਾ ਹੈ ਅਤੇ ਸਿੱਖ ਕੌਮ ਅਤੇ ਪੰਜਾਬੀਆਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ। ਇਹ ਸਲਾਹਕਾਰ ਕਾਂਗਰਸ ਅਤੇ ਜੱਟ ਮਹਾਂ ਸਭਾ ਦੇ ਨੇਤਾਵਾਂ ਦੀਆਂ ਚੁਗ਼ਲੀਆਂ ਕਰਕੇ ਅਤੇ ਝੂਠੀਆਂ ਗੱਲਾਂ ਬਣਾ ਕੇ ਥਾਪੜਾ ਲੈਂਦੇ ਰਹੇ ਹਨ ਅਤੇ ਕੈਪਟਨ ਨਾਲ ਦੂਰੀਆਂ ਵਧਾਉਣ ਦੀ ਭੂਮਿਕਾ ਨਿਭਾਈ।
ਸ. ਬਡਹੇੜੀ ਨੇ ਦੋਸ਼ ਲਾੲਆ ਕਿ ਸਲਾਹਕਾਰ ਓਐੱਸਡੀ ਮਾਈਨਿੰਗ ਮਾਫ਼ੀਆ ਨਾਲ ਮਿਲੇ ਹੋਏ ਹਨ।
ਅੰਕਿਤ ਬਾਂਸਲ ਦੀ ਤਾਂ ਉਹ ਗੱਲ ਹੈ ਕਿ – “ਕੀ ਜਾਣੇ ਸਤਿਗੁਰ ਦੀਆਂ ਬਾਤਾਂ ਘੁੱਗੀ ਭਲਿਆ ਲੋਕਾਂ”। ਸ. ਬਡਹੇੜੀ ਨੇ ਕਿਹਾ – ਮੈਂ 1984 ਤੋਂ ਕੈਪਟਨ ਦਾ ਮੁਰੀਦ ਹਾਂ ਇਸੇ ਕਰਕੇ ਉਹਨਾਂ ਦੀ ਤਰਸਯੋਗ ਹਾਲਤ ਹੋਣ ਤੇ ਦੁੱਖ ਮਹਿਸੂਸ ਕਰਦਾ ਹਾਂ।