
ਤੇਜਲ ਗਿਆਨ ਚੰਡੀਗੜ੍ਹ।
ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਰਾਜ ਇਕਾਈ ਦੇ ਪ੍ਰਧਾਨ ਅਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਹੈ ਕਿ ਪੰਜਾਬ ਨੂੰ ਬਹੁਤ ਮੁਸ਼ਕਿਲ ਨਾਲ ਪੁਆਧ ਇਲਾਕੇ ਦੇ ਕੋਈ ਵਧੀਆ ਆਗੂ ਚਰਨਜੀਤ ਸਿੰਘ ਚੰਨੀ ਮੌਜੂਦਾ ਮੁੱਖ ਮੰਤਰੀ ਦੇ ਰੂਪ ’ਚ ਮਿਲੇ ਹਨ – ਹੁਣ ਉਨ੍ਹਾਂ ਨੂੰ ਕੰਮ ਕਰਨ ਦੇਣਾ ਚਾਹੀਦਾ ਹੈ।
ਸ. ਬਡਹੇੜੀ ਨੇ ਅਜਿਹੇ ਕੁਝ ਨਘੋਚੀ ਲੀਡਰ ਐਂਵੇਂ ਹੀ ਬਿਨਾ ਮਤਲਬ ਸ. ਚੰਨੀ ਨੂੰ ਕੰਮ ਨਹੀਂ ਕਰਨ ਦੇ ਰਹੇ। ਉਨ੍ਹਾਂ ਕਿਹਾ ਕਿ ਸਖ਼ਤ ਮਿਹਨਤੀ ਤੇ ਦਿਆਨਤਦਾਰ ਸ਼ਖ਼ਸੀਅਤ ਦੇ ਮਾਲਕ ਚਰਨਜੀਤ ਚੰਨੀ ਇੱਕ ਗ਼ਰੀਬ ਪਰਿਵਾਰ ’ਚੋਂ ਪੂਰੇ ਸੰਘਰਸ਼ ਝੱਲ ਕੇ ਵਾਹਿਗੁਰੂ ਦੇ ਆਸ਼ੀਰਵਾਦ ਨਾਲ ਉੱਤੇ ਉੱਠੇ ਹਨ ਤੇ ਇਸੇ ਲਈ ਉਹ ਆਮ ਗ਼ਰੀਬ ਆਦਮੀ ਦਾ ਦਰਦ ਭਲੀਭਾਂਤ ਸਮਝ ਸਕਦੇ ਹਨ।
ਸ. ਬਡਹੇੜੀ ਨੇ ਆਪਣੇ ਚੇਤਿਆਂ ਦੀ ਚੰਗੇਰ ਨੂੰ ਫਰੋਲ਼ਦਿਆਂ ਆਖਿਆ ਕਿ ਉਨ੍ਹਾਂ ਦੇ ਪਿਤਾ ਸ. ਅਜਾਇਬ ਸਿੰਘ ਬਡਹੇੜੀ ਜਦੋਂ ਮੋਰਿੰਡਾ ਸ਼ੂਗਰਫ਼ੈੱਡ ਦੇ ਡਾਇਰੈਕਟਰ ਬਣੇ ਸਨ, ਤਦ ਚਰਨਜੀਤ ਸਿੰਘ ਚੰਨੀ ਦੇ ਪਿਤਾ ਸ. ਹਰਸ਼ਾ ਸਿੰਘ ਬਲਾਕ ਸੰਮਤੀ ਦੇ ਮੈਂਬਰ ਚੁਣੇ ਗਏ ਸਨ। ਤਦ ਉਹ ਦੋਵੇਂ ਹੀ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਸਨ।
ਸ. ਬਡਹੇੜੀ ਨੇ ਕਿਹਾ ਕਿ 1947 ’ਚ ਦੇਸ਼ ਦੇ ਆਜ਼ਾਦ ਹੋਣ ਸਮੇਂ ਰੂਪਨਗਰ ਲਾਗਲੇ ਪਿੰਡ ਭਰਤਗੜ੍ਹ ਤੋਂ ਯਮੁਨਾਨਗਰ ਤੱਕ ਸਾਰਾ ਅੰਬਾਲ਼ਾ ਜ਼ਿਲ੍ਹਾ ਹੁੰਦਾ ਸੀ ਤੇ ਤਦ ਹੀ ਪੁਆਧ ਦੇ ਜੰਮਪਲ਼ ਸ. ਬਲਦੇਵ ਸਿੰਘ ਭਾਰਤ ਦੇ ਪਹਿਲੇ ਰੱਖਿਆ ਮੰਤਰੀ ਬਣੇ ਸਨ। ਉਸ ਤੋਂ ਬਾਅਦ ਹੁਣ ਕਿਤੇ ਜਾ ਕੇ ਪੁਆਧ ਦੇ ਚਰਨਜੀਤ ਸਿੰਘ ਚੰਨੀ ਜਿਹੇ ਆਗੂ ਨੂੰ ਕੁਝ ਵੱਡਾ ਕਰ ਵਿਖਾਉਣ ਦਾ ਮੌਕਾ ਮਿਲਿਆ ਹੈ – ਹੁਣ ਉਨ੍ਹਾਂ ਨੂੰ ਆਪਣੀ ਕਾਰਗੁਜ਼ਾਰੀ ਵਿਖਾਉਣ ਦਾ ਮੌਕਾ ਮਿਲਣਾ ਚਾਹੀਦਾ ਹੈ। ਸ. ਬਡਹੇੜੀ ਨੇ ਕਿਹਾ ਕਿ ਸ. ਚੰਨੀ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ, ਜੋ ਪੁਆਧ ਨਾਲ ਸਬੰਧਤ ਸਨ। ਪੁਆਧ ਇਲਾਕਾ ਹੁਣ ਤੱਕ ਬਹੁਤ ਪੱਛੜਿਆ ਰਿਹਾ ਹੈ ਤੇ ਕਿਸੇ ਨੇ ਵੀ ਇਸ ਦੀ ਸਾਰ ਨਹੀਂ ਲਈ। ਹੁਣ ਚੰਨੀ ਹੁਰਾਂ ਦੇ ਮੁੱਖ ਮੰਤਰੀ ਬਣਨ ਨਾਲ ਕੁਝ ਆਸ ਬੱਝੀ ਹੈ।
ਸ.ਬਡਹੇੜੀ ਨੇ ਅੱਗੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਇਸ ਵੇਲੇ ਦਿਨ–ਰਾਤ ਮਿਹਨਤ ਕਰ ਰਹੇ ਹਨ ਅਤੇ ਖ਼ੁਦ ਦਲਿਤ ਸਿੱਖ ਭਾਈਚਾਰੇ ਨਾਲ ਸਬੰਧਤ ਹੋਣ ਕਾਰਣ ਉਹ ਸਭ ਦਾ ਦੁੱਖ–ਦਰਦ ਵੀ ਚੰਗੀ ਤਰ੍ਹਾਂ ਸਮਝਦੇ ਹਨ। ਸ. ਬਡਹੇੜੀ ਨੇ ਕਿਹਾ ਕਿ ਸ. ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਸਮੁੱਚਾ ਪੁਆਧ ਇਲਾਕਾ ਡਾਢਾ ਖ਼ੁਸ਼ ਹੈ।