ਚੰਡੀਗੜ, 25 ਦਸੰਬਰ:
ਉੱਘੇ ਸਿੱਖ ਕਿਸਾਨ ਆਗੂ ਤੇ ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੂੰ ਸਲਾਹ ਦਿੱਤੀ ਹੈ ਕਿ ਉਹ ਕਿਸੇ ਵੀ ਸਿਆਸੀ ਪਾਰਟੀ ਦਾ ਹਿੱਸਾ ਨਾ ਬਣਨ। ਇੰਝ ਕਰਨਾ ਕਿਸਾਨ ਆਗੂਆਂ ਲਈ ਵੱਡੀ ਗ਼ਲਤੀ ਹੋਵੇਗੀ। ਦੱਸ ਦੇਈਏ ਕਿ ਬੀਤੇ ਦਿਨੀਂ ਅਜਿਹੀਆਂ ਖ਼ਬਰਾਂ ਮੀਡੀਆ ’ਚ ਪ੍ਰਕਾਸ਼ਿਤ ਤੇ ਪ੍ਰਸਾਰਿਤ ਹੋਈਆਂ ਸਨ ਕਿ ਸ੍ਰੀ ਰਾਜੇਵਾਲ ਹੁਣ ‘ਆਮ ਆਦਮੀ ਪਾਰਟੀ’ ਦਾ ਹਿੱਸਾ ਬਣਨ ਜਾ ਰਹੇ ਹਨ।
ਅੱਜ ਇੱਥੇ ਜਾਰੀ ਇੱਕ ਬਿਆਨ ’ਚ ਸ. ਰਾਜਿੰਦਰ ਸਿੰਘ ਬਡਹੇੜੀ ਨੇ ਕਿਹਾ ਕਿ ਸਮੂਹ ਕਿਸਾਨ ਇਸ ਵੇਲੇ ਬਲਬੀਰ ਸਿੰਘ ਰਾਜੇਵਾਲ ਦਾ ਪੂਰਾ ਆਦਰ–ਮਾਣ ਕਰਦੇ ਹਨ ਤੇ ਜੇ ਉਹ ਕਿਸੇ ਸਿਆਸੀ ਪਾਰਟੀ ’ਚ ਸ਼ਾਮਲ ਹੋ ਗਏ, ਤਾਂ ਬਹੁਤ ਘੱਟ ਕਿਸਾਨਾਂ ਦੇ ਨੁਮਾਇੰਦੇ ਬਣ ਕੇ ਰਹਿ ਜਾਣਗੇ; ਜਦ ਕਿ ਇਸ ਵੇਲੇ ਉਹ ਸਮੁੱਚੇ ਕਿਸਾਨ ਭਾਈਚਾਰੇ ਦੀ ਪ੍ਰਤੀਨਿਧਤਾ ਕਰ ਰਹੇ ਹਨ।
ਸ. ਬਡਹੇੜੀ ਨੇ ਇਹ ਨੇਕ ਸਲਾਹ ਵੀ ਦਿੱਤੀ ਹੈ ਕਿ ਜੇ ਕਿਸਾਨ ਚੋਣਾਂ ਹੀ ਲੜਨੀਆਂ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਆਪਣੀ ਇੱਕ ਸੁਤੰਤਰ ਪਾਰਟੀ ਲਾਂਚ ਕਰ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ ਉਹ ਸਿਆਸੀ ਪਾਰਟੀਆਂ ਤੋਂ ਨਿਰਲੇਪ ਰਹਿ ਕੇ ਹੀ ਕੇਂਦਰ ਸਰਕਾਰ ਵਿਰੁੱਧ ਇੰਨੀ ਵੱਡੀ ਜੰਗ ਜਿੱਤ ਸਕੇ ਹਨ। ਜੇ ਕਿਤੇ ਉਨ੍ਹਾਂ ਨੇ ਇੱਕ ਸਾਲ ਤੋਂ ਵੀ ਵੱਧ ਸਮਾਂ ਚੱਲੇ ਆਪਣੇ ਸੰਘਰਸ਼ ਦੌਰਾਨ ਕਿਸੇ ਸਿਆਸੀ ਪਾਰਟੀ ਦੀ ਹਮਾਇਤ ਲਈ ਹੁੰਦੀ, ਤਾਂ ਮੋਦੀ ਸਰਕਾਰ ਨੇ ਕਿਸੇ ਵੀ ਹਾਲਤ ’ਚ ‘ਤਿੰਨ ਕਾਲੇ ਖੇਤੀ ਕਾਨੂੰਨ’ ਵਾਪਸ ਨਹੀਂ ਲੈਣੇ ਸਨ।