Tejal Gyan ਚੰਡੀਗੜ, 02 ਜਨਵਰੀ:।
ਸਾਬਕਾ ਡੈਲੀਗੇਟ ਜਨਰਲ ਹਾਊਸ ਸ਼ਰੋਮਣੀ ਅਕਾਲੀ ਦਲ ਉੱਘੇ ਸਿੱਖ ਕਿਸਾਨ ਆਗੂ ਤੇ ਆਲ ਇੰਡੀਆ ਜੱਟ ਮਹਾਂਸਭਾ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸ. ਰਾਜਿੰਦਰ ਸਿੰਘ ਬਡਹੇੜੀ ਨੇ ਅੱਜ ਕਿਹਾ ਹੈ ਕਿ ਇਸ ਵੇਲੇ ਸਿੱਖ ਪੰਥ ਨੂੰ ਕਿਸੇ ਬਾਹਰਲੇ ਤੋਂ ਕੋਈ ਖ਼ਤਰਾ ਨਹੀਂ ਹੈ ਤੇ ਜੇ ਕੋਈ ਖ਼ਤਰਾ ਹੈ ਤਾਂ ਉਹ ਸਿਰਫ਼ ਬਾਦਲ ਤੇ ਮਜੀਠੀਆ ਪਰਿਵਾਰ ਤੋਂ ਹੀ ਹੈ।
ਅੱਜ ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਸ. ਬਡਹੇੜੀ ਨੇ ਕਿਹਾ ਕਿ ਅੱਜ ਸ੍ਰੀ ਅੰਮ੍ਰਿਤਸਰ ਸਾਹਿਬ ਸਥਿਤ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ’ਚ ਸਿੱਖ ਕੌਮ ਨੇ ਨਹੀਂ, ਸਗੋਂ ਬਾਦਲ ਪਰਿਵਾਰ ਨੇ ਆਪਣਾ ਨਿਜੀ ਸਿਆਸੀ ਇਕੱਠ ਕੀਤਾ ਹੈ।
ਸ. ਬਡਹੇੜੀ ਨੇ ਕਿਹਾ ਕਿ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਬਾਦਲ ਜਾਂ ਮਜੀਠੀਆ ਪਰਿਵਾਰ ਦਾ ਨਹੀਂ, ਸਗੋਂ ਸਿੱਖ ਕੌਮ ਦਾ ਹੈ, ਜਿਸ ਨੂੰ ਸਿਰਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚਲਾਉਂਦੀ ਹੈ।
ਕਿਸਾਨ ਆਗੂ ਸ. ਬਡਹੇੜੀ ਨੇ ਕਿਹਾ ਕਿ ਬਾਦਲਾਂ ਤੇ ਮਜੀਠੀਆ ਨੂੰ ਸਾਰੇ ਸਿੱਖ ਸੰਸਥਾਨਾਂ ’ਚੋਂ ਕੱਢਣਾ ਚਾਹੀਦਾ ਹੈ ਤੇ ਇਸ ਲਈ ਸਿੱਖ ਕੌਮ ਨੂੰ ਪੂਰੀ ਤਰ੍ਹਾਂ ਇੱਕਜੁਟ ਹੋ ਜਾਣਾ ਚਾਹੀਦਾ ਹੈ। ਇਹ ਵੇਲਾ ਸਿਰਫ਼ ਸਿੱਖ ਸੰਸਥਾਨਾਂ ਨੂੰ ਬਾਦਲ ਤੇ ਮਜੀਠੀਆ ਪਰਿਵਾਰਾਂ ਤੋਂ ਸਿੱਖ ਸੰਸਥਾਨਾਂ ਨੂੰ ਆਜ਼ਾਦ ਕਰਵਾਉਣ ਦਾ ਹੈ।